ਨਸ਼ਾ ਆਸ਼ਿਕ ਨੂੰ ਹੋਵੇ ਪਿਆਰ ਦਾ ਜੀ
ਨਸ਼ਾ ਨੇਤੇ ਨੂੰ ਹੋਵੇ ਸਰਕਾਰ ਦਾ ਜੀ
ਨਸ਼ਾ ਖੇਡ ਦਾ ਕਰੇ ਭਲਵਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਕਿਸੇ ਨੂੰ ਹੁੰਦਾ ਹੈ ਜਵਾਨੀ ਦਾ ਜੀ
ਨਸ਼ਾ ਕਿਸੇ ਨੂੰ ਅੱਖ ਮਸਤਾਨੀ ਦਾ ਜੀ
ਨਸ਼ਾ ਜਿਸਮਾਂ ਦਾ ਹੁੰਦਾ ਸ਼ੈਤਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਦੌਲਤਾਂ ਦਾ ਚੈਨ ਨਾ ਪੈਣ ਦੇਵੇ
ਨਸ਼ਾ ਕੰਮ ਦਾ ਨਾ ਖਾਲੀ ਬਹਿਣ ਦੇਵੇ
ਨਸ਼ਾ ਫੌਜੀ ਨੂੰ ਕਰੇ ਕੁਰਬਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਅਫ਼ੀਮ ਦਾ ਸਕੀਮਾਂ ਕਰਵਾਏ
ਨਸ਼ਾ ਸ਼ਰਾਬ ਦਾ ਘਰੇ ਕਲੇਸ਼ ਪਾਏ
ਨਸ਼ਾ ਚਿੱਟੇ ਦਾ ਭੇਜੇ ਸ਼ਮਸ਼ਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਗੋਲੀਆਂ ਦਾ ਪਾਵੇ ਦੌਰਾ ਮਿੱਤਰੋ
ਨਸ਼ਾ ਪੋਸਤ ਦਾ ਕਰੇ ਬੌਰਾ ਮਿੱਤਰੋ
ਨਸ਼ਾ ਭੰਗ ਦਾ ਗੇੜੇ ਆਸਮਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਹੁੰਦਾ ਏ ਮਾੜਾ ਸੂਟੇ ਚਿਲਮਾਂ ਦਾ
ਨਸ਼ਾ ਭੈੜਾ ਹੁੰਦਾ ਪੋਰਨ ਫ਼ਿਲਮਾਂ ਦਾ
ਨਸ਼ਾ ਹਥੀਆਰਾਂ ਦਾ ਲੈਂਦਾ ਜਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਜੂਏ ਦਾ ਹੁੰਦਾ ਏ ਜੂਆਰੀਆਂ ਨੂੰ
ਨਸ਼ਾ ਲਿੱਖਣ ਦਾ ਹੁੰਦਾ ਲਿਖਾਰੀਆਂ ਨੂੰ
ਨਸ਼ਾ ਪਾੜ੍ਹੇ ਦਾ ਹੁੰਦਾ ਗਿਆਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
ਨਸ਼ਾ ਕਰੇ "ਪਾਗਲ" ਓਸ ਰਾਮ ਦਾ ਜੀ
ਗੁਣ ਗਾਉਂਦਾ ਹੈ ਓਹਦੇ ਨਾਮ ਦਾ ਜੀ
ਚੰਗਾ ਲੱਗਦਾ ਨਾ ਹੋਰ ਜਹਾਨ ਯਾਰੋ
ਸਾਰੇ ਨਸ਼ੇ ਕਰੂੰਗਾ ਮੈਂ ਬਿਆਨ ਯਾਰੋ
✍️ਪਾਗਲ ਸੁੰਦਰਪੁਰੀਆ